DECEMBER 9, 2022
Australia News

ਆਸਟ੍ਰੇਲੀਆ 'ਚ 150 ਪ੍ਰਾਈਵੇਟ ਕਾਲਜਾਂ ਨੂੰ ਲੱਗੇ 'ਤਾਲੇ', ਪੰਜਾਬੀਆਂ ਸਣੇ ਸੈਂਕੜੇ ਭਾਰਤੀ ਵਿਦਿਆਰਥੀਆਂ 'ਤੇ ਡਿੱਗੀ ਗਾਜ

post-img

 

ਆਸਟ੍ਰੇਲੀਆ (ਪਰਥ ਬਿਊਰੋ): ਆਸਟ੍ਰੇਲੀਆ ਦੇ ਗੈਰ-ਕਾਨੂੰਨੀ ਪ੍ਰਾਈਵੇਟ ਕਾਲਜਾਂ ਵਿਚ ਸਟੂਡੈਂਟ ਵੀਜ਼ੇ ਦੀ ਆੜ ’ਚ ਪਿਛਲੇ ਦਰਵਾਜ਼ੇ ਰਾਹੀਂ ਨੌਕਰੀਆਂ ਦਿਵਾਉਣ ਦੇ ਧੰਦੇ ’ਤੇ ਆਸਟ੍ਰੇਲੀਆ ਸਰਕਾਰ ਨੇ ਨੱਥ ਪਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਲੜੀ ਵਿਚ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ ਗੈਰ-ਕਾਨੂੰਨੀ ਤੌਰ ’ਤੇ ਚੱਲ ਰਹੇ 150 ਕਾਲਜਾਂ ਨੂੰ ਬੰਦ ਕਰ ਦਿੱਤਾ ਹੈ। ਜਾਂਚ ਦੌਰਾਨ ਇਹ ਕਾਲਜ ਨਿਯਮਤ ਸਿਖਲਾਈ ਜਾਂ ਪੜ੍ਹਾਈ ਕਰਵਾਉਣ ਦੇ ਸਬੂਤ ਨਹੀਂ ਦੇ ਸਕੇ, ਜਿਸ ਤੋਂ ਬਾਅਦ ਆਸਟ੍ਰੇਲੀਆ ਪ੍ਰਸ਼ਾਸਨ ਨੇ ਇਨ੍ਹਾਂ ਕਾਲਜਾਂ ਨੂੰ ਤਾਲਾ ਲਗਾ ਦਿੱਤਾ ਹੈ। ਇਸ ਕਾਰਵਾਈ ਕਾਰਨ ਪੰਜਾਬ ਸਮੇਤ ਉੱਤਰੀ ਭਾਰਤ ਦੇ ਸੈਂਕੜੇ ਵਿਦਿਆਰਥੀਆਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਉਨ੍ਹਾਂ ਦਾ ਭਵਿੱਖ ਹਨੇਰੇ 'ਚ ਲਟਕ ਰਿਹਾ ਹੈ।

ਪਿਛਲੇ ਸਾਲ 6 ਯੂਨੀਵਰਸਿਟੀਆਂ ਨੇ ਉਠਾਇਆ ਸੀ ਮੁੱਦਾ
ਇਹ ਮਾਮਲਾ ਪਿਛਲੇ ਸਾਲ ਮਈ ਦੇ ਮਹੀਨੇ ਉਸ ਸਮੇਂ ਗਰਮਾ ਗਿਆ ਸੀ ਜਦੋਂ ਆਸਟ੍ਰੇਲੀਆ ਦੀਆਂ ਦੋ ਯੂਨੀਵਰਸਿਟੀਆਂ- ਫੈੱਡਰੇਸ਼ਨ ਯੂਨੀਵਰਸਿਟੀ ਆਫ ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ਦੀ ਵੈਸਟਰਨ ਸਿਡਨੀ ਯੂਨੀਵਰਸਿਟੀ ਨੇ ਪੰਜਾਬ, ਹਰਿਆਣਾ, ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ’ਤੇ ਸਟੂਡੈਂਟ ਵੀਜ਼ਾ ਦੀ ਆੜ ’ਚ ਕੰਮ ਕਰਨ ਦਾ ਦੋਸ਼ ਲਗਾ ਕੇ ਉਨ੍ਹਾਂ ਦੇ ਦਾਖ਼ਲੇ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਅਪ੍ਰੈਲ 2023 ’ਚ ਵਿਕਟੋਰੀਆ ਯੂਨੀਵਰਸਿਟੀ, ਐਡਿਥ ਕੋਵਾਨ ਯੂਨੀਵਰਸਿਟੀ, ਟੋਰੇਂਸ ਯੂਨੀਵਰਸਿਟੀ ਅਤੇ ਦੱਖਣੀ ਕਰਾਸ ਯੂਨੀਵਰਸਿਟੀ ਨੇ ਵੀ ਭਾਰਤੀ ਵਿਦਿਆਰਥੀਆਂ ਦੇ ਦਾਖਲੇ ’ਤੇ ਪਾਬੰਦੀ ਲਗਾ ਦਿੱਤੀ ਸੀ। ਯੂਨੀਵਰਸਿਟੀਆਂ ਨੇ ਦੋਸ਼ ਲਾਇਆ ਕਿ ਭਾਰਤੀ ਵਿਦਿਆਰਥੀਆਂ ਨੇ ਵੀਜ਼ਿਆਂ ਦੀ ਦੁਰਵਰਤੋਂ ਕੀਤੀ ਹੈ ਅਤੇ ਸਟੂਡੈਂਟ ਵੀਜ਼ੇ ਦੀ ਆੜ ’ਚ ਇਥੇ ਸਿਰਫ਼ ਨੌਕਰੀਆਂ ਲਈ ਆਏ ਹਨ।

ਕਾਲਜਾਂ ਦੀ ਮੈਨੇਜਮੈਂਟ ਤੇ ਪੰਜਾਬ ਦੇ ਏਜੰਟਾਂ ਦੀ ਮਿਲੀਭੁਗਤ
ਇਕ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਬੰਦ ਕੀਤੇ ਗਏ ਕਾਲਜਾਂ ਦੇ ਪ੍ਰਬੰਧਕੀ ਅਧਿਕਾਰੀ ਪੰਜਾਬ ’ਚ ਧਾਂਦਲੀ ਕਰਨ ਵਾਲੇ ਏਜੰਟਾਂ ਦੇ ਸਿੱਧੇ ਸੰਪਰਕ ਵਿਚ ਸਨ। ਇਸ ਤੋਂ ਇਲਾਵਾ ਸਟੱਡੀ ਵੀਜ਼ਾ ਸਲਾਹਕਾਰ ਅਤੇ ਕਾਲਜਾਂ ਦੇ ਸਹਿ-ਮਾਲਕ ਦਹਾਕਿਆਂ ਤੋਂ ਗੈਰ-ਕਾਨੂੰਨੀ ਪ੍ਰਾਈਵੇਟ ਕਾਲਜਾਂ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪਿਛਲੇ ਦਰਵਾਜ਼ੇ ਰਾਹੀਂ ਇਮੀਗ੍ਰੇਸ਼ਨ ਅਤੇ ਕੰਮ ਦੇ ਅਧਿਕਾਰ ਵੀ ਪ੍ਰਦਾਨ ਕਰ ਰਹੇ ਸਨ।

ਇਸ ਘਟਨਾ ਤੋਂ ਬਾਅਦ ਆਸਟ੍ਰੇਲੀਆ ਦੇ ਹੁਨਰ ਅਤੇ ਸਿਖਲਾਈ ਮੰਤਰੀ ਨੇ ਮੀਡੀਆ ਨੂੰ ਕਿਹਾ ਕਿ ਸਿੱਖਿਆ ਖੇਤਰ ਨੂੰ ਕਮਜ਼ੋਰ ਕਰਨ ਵਾਲੇ ਅਤੇ ਵਿਦਿਆਰਥੀਆਂ ਦਾ ਸ਼ੋਸ਼ਣ ਕਰਨ ਵਾਲਿਆਂ ਲਈ ਸਾਡੀ ਸਰਕਾਰ ਵਿਚ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਆਸਟ੍ਰੇਲੀਅਨ ਸਕਿੱਲ ਕੁਆਲਿਟੀ ਅਥਾਰਟੀ ਨੇ ਬੰਦ ਪਈਆਂ ਵੋਕੇਸ਼ਨਲ ਸਿੱਖਿਆ ਸੰਸਥਾਵਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ।

 

ਹਾਜ਼ਰੀ ਤੇ ਕੋਰਸ ਦੇ ਸਰਟੀਫਿਕੇਟ ਦਾ ਜੁਗਾੜ
ਰਿਪੋਰਟ ’ਚ ਕਿਹਾ ਗਿਆ ਹੈ ਕਿ ਉੱਤਰੀ ਭਾਰਤ ਦੇ ਸੈਂਕੜੇ ਵਿਦਿਆਰਥੀ ਹਰ ਸਾਲ ਇਨ੍ਹਾਂ ਕਾਲਜਾਂ ’ਚ ਡੰਮੀ ਦਾਖ਼ਲਾ ਲੈਣ ਲਈ ਜਾਂਦੇ ਸਨ। ਇਹ ਵਿਦਿਆਰਥੀ ਲਗਾਤਾਰ ਪੜ੍ਹਾਈ ਕਰਨ ਦੀ ਬਜਾਏ ਏਜੰਟਾਂ ਅਤੇ ਕਾਲਜ ਪ੍ਰਬੰਧਕਾਂ ਦੀ ਮਿਲੀਭੁਗਤ ਨਾਲ ਨੌਕਰੀਆਂ ਲੱਭ ਲੈਂਦੇ ਸਨ। ਕਾਲਜ ਮੈਨੇਜਮੈਂਟ ਉਨ੍ਹਾਂ ਦੀ ਹਾਜ਼ਰੀ ਅਤੇ ਕੋਰਸ ਸਰਟੀਫਿਕੇਟਾਂ ਦਾ ਜੁਗਾੜ ਕਰ ਲੈਂਦੀ ਸੀ। ਇਸ ਤੋਂ ਬਾਅਦ ਉਹ ਆਸਟ੍ਰੇਲੀਆ ’ਚ ਸਥਾਈ ਨਾਗਰਿਕ ਬਣਨ ਲਈ ਬਦਲਾਂ ਦੀ ਭਾਲ ਸ਼ੁਰੂ ਕਰਨ ਲੱਗ ਜਾਂਦੇ ਸਨ। ਹਾਲਾਂਕਿ ਹੁਣ ਸਥਿਤੀ ਉਲਟ ਗਈ ਹੈ ਅਤੇ ਵਿਦਿਆਰਥੀਆਂ ਦੇ ਭਵਿੱਖ ’ਤੇ ਤਲਵਾਰ ਲਟਕ ਰਹੀ ਹੈ।

 

Related Post