DECEMBER 9, 2022
Australia News

ਕੈਨਬਰਾ ਨੇ ਆਸਟ੍ਰੇਲੀਅਨ ਸਿੱਖ ਖੇਡਾਂ 2024 ਲਈ ਖਿੱਚੀ ਤਿਆਰੀ, ਸ਼ੇਰ ਏ ਪੰਜਾਬ ਸਪੋਰਟਸ ਕਲੱਬ ਦਾ ਗਠਨ

post-img
ਮੈਲਬੌਰਨ (ਮਨਦੀਪ ਸਿੰਘ ਸੈਣੀ)- ਪਿਛਲੇ ਦਿਨੀ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿੱਚ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਮੰਤਵ ਨਾਲ 'ਸ਼ੇਰ ਏ ਪੰਜਾਬ ਸਪੋਰਟਸ ਕਲੱਬ' ਕੈਨਬਰਾ ਦਾ ਗਠਨ ਕੀਤਾ ਗਿਆ। ਨਾਲ ਹੀ ਕੈਨਬਰਾ ਤੋਂ ਇਸ ਵਾਰ ਐਡੀਲੇਡ ਵਿਖੇ ਹੋਣ ਜਾ ਰਹੀਆਂ ਆਸਟ੍ਰੇਲੀਅਨ ਸਿੱਖ ਖੇਡਾਂ  2024 ਵਿੱਚ ਵੱਡੇ ਪੱਧਰ 'ਤੇ ਹਿੱਸਾ ਲੈਣ ਲਈ ਤਿਆਰੀ ਖਿੱਚ ਲਈ ਗਈ ਹੈ। ਕਲੱਬ ਦੇ ਪ੍ਰਧਾਨ ਅਵਤਾਰ ਸਿੰਘ ਅਤੇ ਸੈਕਟਰੀ ਗੁਰਅੰਮ੍ਰਿਤ ਸਿੰਘ ਢਿੱਲੋਂ ਨੇ ਮੀਡੀਆ ਨਾਲ ਗੱਲ਼ਬਾਤ ਕਰਦੇ ਦੱਸਿਆ ਕਿ ਕੈਨਬਰਾ ਦੂਜੀ ਵਾਰ ਸਿੱਖ ਗੇਮਸ ਵਿੱਚ ਵੱਡੇ ਪੱਧਰ 'ਤੇ ਭਾਗ ਲੈਣ ਜਾ ਰਿਹਾ ਹੈ। ਪਿਛਲੀ ਵਾਰ ਗੋਲਡ ਕੋਸਟ ਵਿੱਚੋਂ ਹੋਈਆਂ ਖੇਡਾਂ ਦੌਰਾਨ ਕੈਨਬਰਾ ਦੇ ਖਿਡਾਰੀਆਂ ਨੇ ਕਬੱਡੀ, ਫੁੱਟਬਾਲ, ਕ੍ਰਿਕਟ ਅਤੇ ਹੋਰ ਖੇਡਾਂ ਵਿੱਚ ਵੀ ਬਿਹਤਰੀਨ ਪ੍ਰਦਰਸ਼ਨ ਕੀਤਾ ਸੀ ਅਤੇ ਇਸ ਵਾਰ ਵੀ ਐਡੀਲੇਡ ਦੇ ਖੇਡ ਮੈਦਾਨਾਂ ਵਿੱਚ ਨੌਜਵਾਨ ਖਿਡਾਰੀ ਆਪਣੀ ਕਲਾ ਦੇ ਜੌਹਰ ਦਿਖਾਉਣਗੇ। 

ਕਲੱਬ ਦੇ ਸਰਪ੍ਰਸਤ ਸ. ਸਤਨਾਮ ਸਿੰਘ ਦਬੜੀਖਾਨਾ ਨੇ ਦੱਸਿਆ ਕਿ ਸ਼ੇਰ ਏ ਪੰਜਾਬ ਸਪੋਰਟਸ ਕਲੱਬ ਰਜਿਸਟਰਡ ਕਰਾਉਣ ਦਾ ਮਕਸਦ ਹੈ ਕਿ ਆਉਣ ਵਾਲੇ ਸਾਲਾਂ ਵਿਚ ਆਸਟ੍ਰੇਲੀਅਨ ਸਿੱਖ ਖੇਡਾਂ ਨੂੰ ਕੈਨਬਰਾ ਵਿੱਚ ਲੈ ਕੇ ਆਉਣਾ ਤੇ ਕੈਨਬਰਾ ਦੇ ਨੌਜਵਾਨਾਂ ਦੀ ਖੇਡਾਂ ਪ੍ਰਤੀ ਰੁਚੀ ਵਧਾਉਣਾ ਹੈ। ਇਸ ਮੌਕੇ ਕਲੱਬ ਦਾ ਲੋਗੋ ਸ਼ਹਿਰ ਦੇ ਪਤਵੰਤੇ ਸੱਜਣਾਂ ਅਤੇ ਸਹਿਯੋਗੀਆਂ ਵੱਲੋਂ ਜਾਰੀ ਕੀਤਾ ਗਿਆ ਅਤੇ ਸਿੱਖ ਖੇਡਾਂ ਲਈ ਜਾ ਰਹੀਆਂ ਟੀਮਾਂ ਦੀਆਂ ਜਰਸੀਆਂ ਰਿਲੀਜ ਕੀਤੀਆਂ ਗਈਆਂ। ਕੈਨਬਰਾ ਦੀ ਫੁੱਟਬਾਲ ਟੀਮ ਦੀ ਸ਼ਹਿਰ ਦੇ ਉੱਘੇ ਕਾਰੋਬਾਰੀ ਵੋਗ ਡੈਨਟਲ ਵੱਲੋਂ ਇਕ ਸਾਲ ਲਈ ਵਿਸ਼ੇਸ਼ ਹਿਮਾਇਤ ਕੀਤੀ ਗਈ ਹੈ ਅਤੇ ਉਨ੍ਹਾਂ ਵੱਲੋਂ ਕੀਤੀ ਇਸ ਵਿਸ਼ੇਸ਼ ਪਹਿਲ ਕਦਮੀ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਮੌਕੇ ਸ਼ੇਰ ਏ ਪੰਜਾਬ ਸਪੋਰਟਸ ਕਲੱਬ ਵੱਲੋਂ ਸਾਰੇ ਸਹਿਯੋਗੀਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ। ਕਲੱਬ ਦੇ ਮੀਤ ਪ੍ਰਧਾਨ ਅਮਨਦੀਪ ਸਿੰਘ ਧਾਲੀਵਾਲ, ਖਜਾਨਚੀ ਕੁਲਦੀਪ ਸਿੰਘ ਦੰਦੀਵਾਲ, ਸੰਦੀਪ ਬਾਵਾ ,ਇੰਦਰਜੀਤ ਸਿੰਘ ਧਾਲੀਵਾਲ ,ਜੋਤ ਸੰਘਾ ਅਤੇ ਸਮੂਹ ਮੈਂਬਰਾਂ ਦੀ ਅਣਥੱਕ ਮਿਹਨਤ ਕਰਕੇ ਇਹ ਸਮਾਰੋਹ ਨੇਪਰੇ ਚੜ੍ਹ ਸਕਿਆ। ਅੰਤ ਵਿੱਚ ਕੈਮੀ ਸੰਧੂ ਜੇ.ਪੀ.ਵੱਲੋ ਆਏ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।

Related Post