DECEMBER 9, 2022
Australia News

29 ਮਾਰਚ ਤੋਂ ਐਡੀਲੇਡ ਵਿੱਚ ਹੋਣ ਜਾ ਰਹੀਆਂ 36ਵੀਆਂ ਸਾਲਾਨਾ ਆਸਟ੍ਰੇਲੀਆਈ 'ਸਿੱਖ ਖੇਡਾਂ'

post-img

ਮੈਲਬੌਰਨ (ਮਨਦੀਪ ਸਿੰਘ ਸੈਣੀ)- 29 ਮਾਰਚ ਤੋਂ ਦੱਖਣੀ ਆਸਟ੍ਰੇਲੀਆ ਸੂਬੇ ਦੇ ਸ਼ਹਿਰ ਐਡੀਲੇਡ ਵਿੱਚ ਹੋਣ ਵਾਲੀਆਂ 36ਵੀਆਂ ਸਾਲਾਨਾ ਆਸਟ੍ਰੇਲੀਆਈ ਸਿੱਖ ਖੇਡਾਂ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਵਲੋਂ ਕੌਮੀ ਪੱੱਧਰ 'ਤੇ ਆਯੋਜਿਤ ਹੋਣ ਵਾਲੀਆਂ 36ਵੀਆਂ ਸਾਲਾਨਾ ਸਿੱੱਖ ਖੇਡਾਂ 29 -31 ਮਾਰਚ ਤੱਕ ਦੱਖਣੀ ਆਸਟ੍ਰੇਲੀਆ ਸੂਬੇ ਦੇ ਸ਼ਹਿਰ ਐਡੀਲੇਡ ਵਿੱਚ ਪੂਰੇ ਉਤਸ਼ਾਹ ਨਾਲ ਕਰਵਾਈਆਂ ਜਾ ਰਹੀਆਂ ਹਨ।

ਆਸਟ੍ਰੇਲੀਆਈ ਖੇਡ ਕਮੇਟੀ ਦੇ ਪ੍ਰਧਾਨ ਸਰਬਜੋਤ ਸਿੰਘ ਢਿੱਲੋਂ ਅਤੇ ਸਮੂਹ ਕਮੇਟੀ ਮੈਂਬਰਾਨ ਨੇ ਦੱਸਿਆ ਕਿ ਪਿਛਲੇ ਮਹੀਨਿਆਂ ਹੋ ਰਹੀ ਵਿਉਂਤਬੰਦੀ ਅਨੁਸਾਰ ਖੇਡਾਂ ਨੂੰ ਸਫਲ ਬਣਾਉਣ ਲਈ ਕੀਤੇ ਗਏ ਜ਼ਰੂਰੀ ਇੰਤਜ਼ਾਮਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਖੇਡਾਂ ਨੂੰ ਯਾਦਗਾਰੀ ਬਣਾਉਣ ਵਿੱਚ ਕੋਈ ਕਸਰ ਨਹੀ ਛੱਡੀ ਜਾਵੇਗੀ। ਖੇਡਾਂ ਨੂੰ ਸੰਪੂਰਨ ਰੂਪ ਵਿੱਚ ਨੇਪਰੇ ਚਾੜਨ ਲਈ ਆਸਟ੍ਰੇਲੀਆਈ ਸਰਕਾਰ, ਸਥਾਨਕ ਕੌਂਸਲ, ਪ੍ਰਸ਼ਾਸਨ, ਗੁਰੂ ਘਰਾਂ, ਖੇਡ ਕਲੱਬਾਂ ਅਤੇ ਸਿੱਖ ਭਾਈਚਾਰੇ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ।

ਇਸ ਦੌਰਾਨ ਕਬੱਡੀ, ਹਾਕੀ, ਫੁੱਟਬਾਲ, ਰੱਸ਼ਾਕਸ਼ੀ, ਕ੍ਰਿਕਟ, ਦੌੜਾਂ, ਵਾਲੀਬਾਲ, ਨੈੱਟਬਾਲ, ਬੈਡਮਿੰਟਨ, ਕੁਸ਼ਤੀ ਦੇ ਮੁਕਾਬਲੇ ਕਰਵਾਏ ਜਾਣਗੇ। ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਖੇਡ ਮਹਾਂਕੁੰਭ ਵਿੱਚ ਆਸਟ੍ਰੇਲੀਆਂ ਅਤੇ ਹੋਰ ਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਕਲੱਬ ਹਿੱਸਾ ਲੈ ਰਹੇ ਹਨ। ਖੇਡਾਂ ਦੌਰਾਨ ਕਰਵਾਏ ਜਾ ਰਹੇ ਸਿੱੱਖ ਫੋਰਮ ਅਤੇ ਸੱਭਿਆਚਾਰਕ ਵੰਨਗੀਆਂ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਹੋਣਗੇ। ਇਨ੍ਹਾਂ ਖੇਡਾਂ ਵਿੱਚ ਵੱਡੀ ਗਿਣਤੀ ਵਿੱਚ ਦਰਸ਼ਕਾਂ ਦੇ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ।

Related Post