DECEMBER 9, 2022
Australia News

ਆਸਟ੍ਰੇਲੀਆ 'ਚ ਤੇਜ਼ ਹਵਾਵਾਂ ਕਾਰਨ 1 ਦੀ ਮੌਤ, ਲੱਖਾਂ ਲੋਕ ਹਨੇਰੇ 'ਚ ਰਹਿਣ ਲਈ ਮਜਬੂਰ

post-img
ਆਸਟੇਲੀਆ (ਪਰਥ ਬਿਊਰੋ) : ਆਸਟੇਲੀਆ ਦੇ ਦੱਖਣ-ਪੂਰਬ 'ਚ ਆਏ ਸ਼ਕਤੀਸ਼ਾਲੀ ਤੂਫ਼ਾਨ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਬਿਜਲੀ ਬੰਦ ਹੋਣ ਕਾਰਨ ਹਜ਼ਾਰਾਂ ਆਸਟ੍ਰੇਲੀਆਈ ਲੋਕ ਹਨੇਰੇ ਵਿਚ ਰਹਿਣ ਲਈ ਮਜਬੂਰ ਹਨ। ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਆਸਟ੍ਰੇਲੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਨਿਊ ਸਾਊਥ ਵੇਲਜ਼ (ਐਨ.ਐਸ.ਡਬਲਯੂ.) ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਗੰਭੀਰ ਮੌਸਮ ਦੌਰਾਨ ਇੱਕ ਦਰੱਖਤ ਡਿੱਗਣ ਨਾਲ ਇੱਕ ਔਰਤ ਦੀ ਮੌਤ ਹੋ ਗਈ। ਸਿਨਹੂਆ ਨਿਊਜ਼ ਏਜੰਸੀ ਨੇ ਦੱਸਿਆ ਕਿ ਇਕ ਹੋਰ ਵਿਅਕਤੀ ਮਾਮੂਲੀ ਜ਼ਖਮੀ ਹੋ ਗਿਆ ਅਤੇ ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ।

ਤੇਜ਼ ਹਵਾਵਾਂ ਅਤੇ ਭਾਰੀ ਬਾਰਿਸ਼ ਨੇ ਐਤਵਾਰ ਰਾਤ ਨੂੰ ਦੱਖਣੀ-ਪੂਰਬੀ ਆਸਟ੍ਰੇਲੀਆ ਵਿੱਚ ਵਿਆਪਕ ਨੁਕਸਾਨ ਕੀਤਾ। ਆਸਟ੍ਰੇਲੀਆ ਦੇ ਦੂਜੇ ਸਭ ਤੋਂ ਵੱਧ ਆਬਾਦੀ ਵਾਲੇ ਵਿਕਟੋਰੀਆ ਰਾਜ ਵਿੱਚ 140,000 ਤੋਂ ਵੱਧ ਜਾਇਦਾਦਾਂ ਬਿਜਲੀ ਤੋਂ ਬਿਨਾਂ ਸਨ। ਰਾਜ ਦੇ ਕੁਝ ਹਿੱਸਿਆਂ ਵਿੱਚ ਐਤਵਾਰ ਰਾਤ ਨੂੰ 146 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਦਰਜ ਕੀਤੀਆਂ ਗਈਆਂ ਅਤੇ ਰਾਜ ਦੀ ਐਮਰਜੈਂਸੀ ਸੇਵਾ ਨੂੰ ਮਦਦ ਲਈ 1,000 ਤੋਂ ਵੱਧ ਕਾਲਾਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚ ਡਿੱਗੇ ਦਰੱਖਤਾਂ ਲਈ 800 ਅਤੇ ਇਮਾਰਤ ਦੇ ਨੁਕਸਾਨ ਲਈ 200 ਸ਼ਾਮਲ ਹਨ।

ਮੌਸਮ ਵਿਗਿਆਨ ਬਿਊਰੋ ਨੇ ਸੋਮਵਾਰ ਨੂੰ ਵਿਕਟੋਰੀਆ ਲਈ ਵਧੇਰੇ ਤੇਜ਼ ਹਵਾਵਾਂ ਦੀ ਭਵਿੱਖਬਾਣੀ ਕੀਤੀ ਹੈ, ਮੰਗਲਵਾਰ ਨੂੰ ਹਾਲਾਤ ਸੁਖਾਵੇਂ ਹੋਣ ਤੋਂ ਪਹਿਲਾਂ ਗੜੇ ਅਤੇ ਗਰਜ ਨਾਲ ਤੂਫ਼ਾਨ ਵੀ ਸੰਭਵ ਹੈ। ਬਿਜਲੀ ਪ੍ਰਦਾਤਾ ਯੂਨਾਈਟਿਡ ਐਨਰਜੀ ਨੇ ਚੇਤਾਵਨੀ ਦਿੱਤੀ ਹੈ ਕਿ ਪੂਰੇ ਰਾਜ ਵਿੱਚ ਬਿਜਲੀ ਬਹਾਲ ਕਰਨ ਵਿੱਚ ਕਈ ਦਿਨ ਲੱਗ ਸਕਦੇ ਹਨ। ਦੱਖਣੀ ਆਸਟ੍ਰੇਲੀਆ ਵਿਚ ਐਤਵਾਰ ਰਾਤ ਨੂੰ ਬਲੈਕਆਊਟ ਨਾਲ 7,000 ਵਾਧੂ ਘਰ ਪ੍ਰਭਾਵਿਤ ਹੋਏ ਜਦੋਂ ਕਿ ਟਾਪੂ ਰਾਜ ਤਸਮਾਨੀਆ ਵਿਚ ਕਈ ਹੜ੍ਹਾਂ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ। 

Related Post